ਵਿਕਟੋਰੀਆ – ਸੂਬਾ ਘੱਟ- ਅਤੇ ਮੱਧ-ਆਮਦਨ ਵਾਲੇ ਪਰਿਵਾਰਾਂ, ਜਿਸ ਵਿੱਚ ਕਿਰਾਏਦਾਰ ਅਤੇ ਬਹੁ-ਯੂਨਿਟ ਰਿਹਾਇਸ਼ੀ ਇਮਾਰਤਾਂ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ, ਲਈ ਇਲੈਕਟ੍ਰਿਕ ਹੀਟ ਪੰਪਾਂ ਨੂੰ ਵਧੇਰੇ ਕਿਫ਼ਾਇਤੀ ਬਣਾ ਰਿਹਾ ਹੈ।
“ਬ੍ਰਿਟਿਸ਼ ਕੋਲੰਬੀਆ ਦਾ ਹਰ ਨਿਵਾਸੀ ਭਰੋਸੇਯੋਗ, ਕਿਫ਼ਾਇਤੀ ਅਤੇ ਵਾਤਾਵਰਨ ਪੱਖੋਂ ਸਾਫ ‘ਹੀਟਿੰਗ ਅਤੇ ਕੂਲਿੰਗ’ (ਘਰ ਵਿੱਚ ਨਿੱਘ ਜਾਂ ਠੰਡਕ ਪਹੁੰਚਾਉਣ ਦਾ ਸਿਸਟਮ) ਦਾ ਹੱਕਦਾਰ ਹੈ। ਜਦੋਂ ਤੋਂ ਸਾਡੀ ਸਰਕਾਰ ਨੇ ਲੋਕਾਂ ਨੂੰ ਹੀਟ ਪੰਪ ਲਗਵਾਉਣ ਲਈ ਪ੍ਰੋਤਸਾਹਨ (incentive) ਦੇਣਾ ਸ਼ੁਰੂ ਕੀਤਾ ਹੈ, ਅਸੀਂ ਸੂਬੇ ਭਰ ਦੇ ਘਰਾਂ ਵਿੱਚ ਹੀਟ ਪੰਪਾਂ ਵਿੱਚ ਭਾਰੀ ਵਾਧਾ ਵੇਖਿਆ ਹੈ। ਪਰ ਹੀਟ ਪੰਪ ਲਗਵਾਉਣ ਦੀ ਲਾਗਤ ਅਜੇ ਵੀ ਬਹੁਤ ਸਾਰੇ ਲੋਕਾਂ ਲਈ ਰੁਕਾਵਟ ਬਣੀ ਹੋਈ ਹੈ,” ਊਰਜਾ ਅਤੇ ਜਲਵਾਯੂ ਤਬਦੀਲੀ ਦੇ ਹੱਲ ਮੰਤਰੀ, ਏਡਰੀਅਨ ਡਿਕਸ ਨੇ ਕਿਹਾ। “ਇਹੀ ਕਾਰਨ ਹੈ ਕਿ ਅਸੀਂ ਉਨ੍ਹਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਵਾਤਾਵਰਨ ਪੱਖੋਂ ਸਾਫ ਊਰਜਾ ਦੇ ਹੱਲ ਅਤੇ ਸਾਲ ਭਰ ਦੇ ਆਰਾਮ ਨੂੰ ਪਹੁੰਚਯੋਗ ਬਣਾਉਣ ਲਈ ਫੰਡਾਂ ਨੂੰ ਤਰਜੀਹ ਦੇ ਰਹੇ ਹਾਂ, ਜਿਨ੍ਹਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ। ਇਸ ਵਿੱਚ ਮਕਾਨ-ਮਾਲਕ ਅਤੇ ਉਹ ਕਿਰਾਏਦਾਰ ਵੀ ਸ਼ਾਮਲ ਹਨ ਜੋ ਬਹੁ-ਯੂਨਿਟ ਇਮਾਰਤਾਂ ਵਿੱਚ ਰਹਿੰਦੇ ਹਨ।“
‘ਕਲੀਨ ਬੀ ਸੀ ਐਨਰਜੀ ਸੇਵਿੰਗਜ਼ ਪ੍ਰੋਗਰਾਮ’ (CleanBC Energy Savings Program) ਜੋ ਜੂਨ 2024 ਵਿੱਚ ਸ਼ੁਰੂ ਕੀਤਾ ਗਿਆ ਸੀ, ਨੂੰ ਸੂਬੇ ਦੁਆਰਾ ਫੰਡ ਦਿੱਤਾ ਜਾਂਦਾ ਹੈ, ਅਤੇ ਇਹ ਕਿਰਾਏਦਾਰਾਂ ਸਮੇਤ ਘੱਟ- ਤੋਂ ਮੱਧ-ਆਮਦਨ ਵਾਲੇ ਪਰਿਵਾਰਾਂ ਲਈ ਘਰੇਲੂ ਊਰਜਾ ‘ਰੈਟਰੋਫਿੱਟਸ’ (ਕਿਸੇ ਚੀਜ਼ ਵਿੱਚ ਬਾਅਦ ਵਿੱਚ ਅਜਿਹੀ ਵਸਤੂ ਜੋੜਨਾ ਜੋ ਉਸਦੇ ਨਿਰਮਾਣ ਵੇਲੇ ਉਸ ਵਿੱਚ ਨਹੀਂ ਸੀ) ਤੱਕ ਵਧੇਰੇ ਪਹੁੰਚ ਨੂੰ ਸਹਿਯੋਗ ਦੇਣ ਲਈ ਬੀ ਸੀ ਹਾਇਡਰੋ (BC Hydro) ਅਤੇ ਫੈਡਰਲ ਸਰਕਾਰ ਦੇ ਯੋਗਦਾਨ ਦਾ ਲਾਭ ਉਠਾਉਂਦਾ ਹੈ। ਇਹ ਸਫਲ ਪ੍ਰੋਗਰਾਮ, ਜੋ ਆਮਦਨ-ਅਧਾਰਤ ਯੋਗ, ਸਿੰਗਲ-ਫੈਮਿਲੀ ਘਰਾਂ ਲਈ ਕਿਫ਼ਾਇਤੀ ਹੀਟ ਪੰਪਾਂ ਦੀ ਸਥਾਪਨਾ ਦਾ ਸਮਰਥਨ ਕਰਦਾ ਹੈ, ਸਾਲ 2025 ਦੇ ਮੱਧ ਤੋਂ ਬਹੁ-ਯੂਨਿਟ ਰਿਹਾਇਸ਼ੀ ਇਮਾਰਤਾਂ ਵਿੱਚ ਵਿਅਕਤੀਗਤ ਸੁਈਟਾਂ ਨੂੰ ਸ਼ਾਮਲ ਕਰਨ ਲਈ ਆਪਣਾ ਵਿਸਤਾਰ ਕਰੇਗਾ।
ਅਗਲੇ ਦੋ ਵਿੱਤੀ ਸਾਲਾਂ – ਸਾਲ 2025-26 ਅਤੇ ਸਾਲ 2026-27 ਵਿੱਚ, ਹਰੇਕ ਵਿੱਚ $50 ਮਿਲੀਅਨ ਦੇ ਨਾਲ – ਸੂਬਾ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ 8,300 ਨਵੀਆਂ ਹੀਟ ਪੰਪ ਛੋਟਾਂ ਦੇਣ ਦੀ ਯੋਜਨਾ ਬਣਾ ਰਿਹਾ ਹੈ। ਬਹੁ-ਯੂਨਿਟ ਰਿਹਾਇਸ਼ੀ ਇਮਾਰਤਾਂ ਵਿੱਚ ਵਿਅਕਤੀਗਤ ਸੁਈਟਾਂ ਵਿੱਚ ਰਹਿਣ ਵਾਲੇ ਪਰਿਵਾਰ, ਇੱਕ ਨਲੀ-ਰਹਿਤ ਮਿੰਨੀ-ਸਪਲਿਟ ਹੀਟ ਪੰਪ (ductless mini-split heat pump) ਲਈ $5,500 ਤੱਕ ਦੇ ਯੋਗ ਹੋ ਸਕਦੇ ਹਨ। ਇਸ ਤੋਂ ਇਲਾਵਾ, ਸੂਬਾ ਬੀ ਸੀ ਹਾਇਡਰੋ ਅਤੇ ਫੋਰਟਿਸ ਬੀ ਸੀ (FortisBC) ਨਾਲ ਭਾਈਵਾਲੀ ਕਰੇਗਾ ਤਾਂ ਜੋ ਉਨ੍ਹਾਂ ਦੇ ‘ਐਨਰਜੀ ਕੰਜ਼ਰਵੇਸ਼ਨ ਅਸਿਸਟੈਂਸ ਪ੍ਰੋਗਰਾਮ’ (Energy Conservation Assistance Program) ਦਾ ਵਿਸਤਾਰ ਕੀਤਾ ਜਾ ਸਕੇ, ਜਿਸ ਨਾਲ ਸਿੰਗਲ-ਫੈਮਿਲੀ ਵਾਲੇ ਘਰਾਂ ਅਤੇ ਵਿਅਕਤੀਗਤ ਸੁਈਟਾਂ ਵਿੱਚ ਸਭ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਹੀਟ-ਪੰਪ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਜਾ ਸਕੇ।
“ਹੀਟ ਪੰਪ ਕੁਸ਼ਲਤਾ ਨਾਲ ਗਰਮੀਆਂ ਵਿੱਚ ਠੰਡਕ ਪਹੁੰਚਾਉਣ ਅਤੇ ਸਰਦੀਆਂ ਵਿੱਚ ਨਿੱਘ ਦੇਣ ਦੇ ਨਾਲ, ਸਾਲ ਭਰ ਆਰਾਮ ਪ੍ਰਦਾਨ ਕਰਦੇ ਹਨ, ਅਤੇ ਉਹ ਇਲੈਕਟ੍ਰਿਕ ਬੇਸਬੋਰਡ ਹੀਟਿੰਗ ਨਾਲੋਂ 300% ਵਧੇਰੇ ਕੁਸ਼ਲ ਹੋ ਸਕਦੇ ਹਨ,” ਬੀ ਸੀ ਹਾਇਡਰੋ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ., ਕ੍ਰਿਸ ਓ’ਰਾਇਲੀ ਨੇ ਕਿਹਾ। “ਜਦੋਂ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਵਧੇਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਹੀਟ ਪੰਪ ਤਕਨਾਲੋਜੀ ਤੱਕ ਪਹੁੰਚ ਹੋਵੇ, ਸਾਨੂੰ ਖੁਸ਼ੀ ਹੈ ਕਿ ਸੂਬਾ ਆਪਣੇ ‘ਐਨਰਜੀ ਕੰਜ਼ਰਵੇਸ਼ਨ ਅਸਿਸਟੈਂਸ ਪ੍ਰੋਗਰਾਮ’ ਦਾ ਵਿਸਤਾਰ ਕਰਨ ਲਈ ਬੀ ਸੀ ਹਾਇਡਰੋ ਅਤੇ ਫੋਰਟਿਸ ਬੀ ਸੀ ਨਾਲ ਭਾਈਵਾਲੀ ਕਰੇਗਾ।“
ਸਤੰਬਰ 2024 ਵਿੱਚ, ਸੂਬੇ ਨੇ ਰੈਂਟਲ, ਸਟ੍ਰੈਟਾ ਅਤੇ ਇਕੁਇਟੀ ਕੋ-ਔਪ ਇਮਾਰਤਾਂ ਨੂੰ ਸਹਿਯੋਗ ਦੇਣ ਲਈ ਇੱਕ ‘ਮਲਟੀ-ਯੂਨਿਟ ਰੈਜ਼ੀਡੈਂਸ਼ੀਅਲ ਬਿਲਡਿੰਗ ਰੈਟਰੋਫ਼ਿਟ ਪ੍ਰੋਗਰਾਮ’ (Multi-Unit Residential Building Retrofit Program) ਸ਼ੁਰੂ ਕੀਤਾ, ਤਾਂ ਜੋ ਵਧੇਰੇ ਊਰਜਾ-ਕੁਸ਼ਲ ਅਤੇ ਵਾਤਾਵਰਨ ਪੱਖੋਂ ਸਾਫ ਤਕਨਾਲੋਜੀਆਂ ਵੱਲ ਤਬਦੀਲੀ ਕੀਤੀ ਜਾ ਸਕੇ। ਸੂਬੇ ਦੁਆਰਾ ਘੋਸ਼ਿਤ ਕੀਤੀਆਂ ਜਾ ਰਹੀਆਂ ਨਵੀਆਂ ਕਾਰਵਾਈਆਂ ਦੀ ਇੱਕ ਮੁੱਖ ਵਿਸ਼ੇਸ਼ਤਾ, ਪੂਰੀ ਇਮਾਰਤ ਦੀ ਬਜਾਏ ਵਿਅਕਤੀਗਤ ਸੁਈਟਾਂ ਵਿੱਚ ਹੀਟ ਪੰਪ ਛੋਟਾਂ ਦਾ ਵਿਸਤਾਰ ਕਰਨਾ ਹੈ।
ਇਹ ਕਾਰਵਾਈ ਬੀ ਸੀ ਗ੍ਰੀਨ ਕੌਕੱਸ ਨਾਲ 2024 ਦੇ ‘ਕੋਔਪਰੇਸ਼ਨ ਐਂਡ ਰਿਸਪੌਂਸਿਬਲ ਗਵਰਨਮੈਂਟ ਅਕੌਰਡ’ (Cooperation and Responsible Government Accord) ਦਾ ਸਮਰਥਨ ਕਰਦੀ ਹੈ, ਜੋ ਸਰਕਾਰ ਨੂੰ ਅਗਲੇ ਦੋ ਵਿੱਤੀ ਸਾਲਾਂ ਲਈ ਇਲੈਕਟ੍ਰਿਕ ਹੀਟ ਪੰਪਾਂ ਲਈ ਸਲਾਨਾ $50 ਮਿਲੀਅਨ ਦਾ ਯੋਗਦਾਨ ਪਾਉਣ ਲਈ ਵਚਨਬੱਧ ਕਰਦੀ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਹੀਟ-ਪੰਪ ਘੱਟ- ਅਤੇ ਮੱਧ-ਆਮਦਨ ਵਾਲੇ ਪਰਿਵਾਰਾਂ ਲਈ ਪਹੁੰਚਯੋਗ ਹੋਣ।