ਵਿਕਟੋਰੀਆ – ਅਮਰੀਕਾ ਤੋਂ ਵਧੇਰੇ ਡਾਕਟਰਾਂ ਅਤੇ ਨਰਸਾਂ ਨੂੰ ਆਕਰਸ਼ਿਤ ਕਰਨ ਲਈ ਸੂਬਾ ਉਨ੍ਹਾਂ ਦੀ ਕ੍ਰਿਡੈਂਸ਼ੀਅਲ ਮਾਨਤਾ ਪ੍ਰਕਿਰਿਆ ਨੂੰ ਤੇਜ਼ ਕਰਕੇ ਅਤੇ ਭਰਤੀ ਕਰਨ ਦੀ ਇੱਕ ਤਾਲਮੇਲ ਵਾਲੀ, ਅਤੇ ਟੀਚਾਬੱਧ ਮੁਹਿੰਮ ਸ਼ੁਰੂ ਕਰਕੇ, ਨਵੇਂ ਕਦਮ ਚੁੱਕ ਰਿਹਾ ਹੈ।
ਸਾਲ 2024 ਵਿੱਚ, ਬੀ.ਸੀ. ਨੇ ਪਹਿਲਾਂ ਨਾਲੋਂ ਵਧੇਰੇ ਲੋਕਾਂ ਨੂੰ ਇੱਕ ‘ਪ੍ਰਾਇਮਰੀ ਕੇਅਰ ਪ੍ਰੋਵਾਈਡਰ’ (ਮੁੱਢਲੀ ਸੰਭਾਲ ਪ੍ਰਦਾਨਕ) ਨਾਲ ਜੋੜਿਆ।
“ਸਾਡੀ ਸਰਹੱਦ ਦੇ ਦੱਖਣ (ਅਮਰੀਕਾ) ਵਿੱਚ ਚੱਲ ਰਹੀ ਅਨਿਸ਼ਚਿਤਤਾ ਅਤੇ ਅਵਿਵਸਥਾ ਕਾਰਨ, ਸਾਡੇ ਕੋਲ ਕੈਨੇਡਾ ਆਉਣ ਵਿੱਚ ਦਿਲਚਸਪੀ ਰੱਖਣ ਵਾਲੇ ਹੁਨਰਮੰਦ ਸਿਹਤ-ਸੰਭਾਲ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਦਾ ਇੱਕ ਬੇਮਿਸਾਲ ਮੌਕਾ ਹੈ,” ਸਿਹਤ ਮੰਤਰੀ, ਜੋਜ਼ੀ ਔਸਬੋਰਨ ਨੇ ਕਿਹਾ। “ਅਮਰੀਕਾ ਵਿੱਚ ਕੰਮ ਕਰ ਰਹੇ ਡਾਕਟਰਾਂ ਅਤੇ ਨਰਸਾਂ ਨੂੰ ਸਾਡਾ ਸੰਦੇਸ਼ ਹੈ ਕਿ ਇਹ ਸਮਾਂ ਬ੍ਰਿਟਿਸ਼ ਕੋਲੰਬੀਆ ਆਉਣ ਦਾ ਸਮਾਂ ਹੈ। ਅਸੀਂ ਆਪਣੇ ਖੂਬਸੂਰਤ ਸੂਬੇ ਵਿੱਚ ਤੁਹਾਡਾ ਸਵਾਗਤ ਕਰਾਂਗੇ, ਜਿੱਥੇ ਇਕੱਠੇ ਮਿਲ ਕੇ ਅਸੀਂ ਜਨਤਕ ਸਿਹਤ ਸੰਭਾਲ ਨੂੰ ਮਜ਼ਬੂਤ ਕਰ ਸਕਦੇ ਹਾਂ, ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਸਕਦੇ ਹਾਂ ਅਤੇ ਸਿਹਤਮੰਦ ਭਾਈਚਾਰਿਆਂ ਦਾ ਨਿਰਮਾਣ ਕਰ ਸਕਦੇ ਹਾਂ।“
ਸੂਬਾ ‘ਕੌਲੇਜ ਔਫ ਫਿਜ਼ੀਸ਼ੀਅਨਜ਼ ਐਂਡ ਸਰਜਨਜ਼ ਔਫ ਬੀ ਸੀ’ (College of Physicians and Surgeons of BC) ਦੇ ਨਾਲ ਇੱਕ ਸਿੱਧੀ ਪ੍ਰਕਿਰਿਆ ‘ਤੇ ਕੰਮ ਕਰ ਰਿਹਾ ਹੈ ਤਾਂ ਜੋ ਅਮਰੀਕਾ ਵਿੱਚ ਸਿਖਲਾਈ ਪ੍ਰਾਪਤ ਡਾਕਟਰ, ਜੋ ‘ਅਮਰੀਕਨ ਬੋਰਡ ਔਫ ਮੈਡੀਕਲ ਸਪੈਸ਼ਲਟੀਜ਼’ (American Board of Medical Specialties) ਦੁਆਰਾ ਪ੍ਰਮਾਣਿਤ ਹਨ, ਨੂੰ ਵਾਧੂ ਮੁਲਾਂਕਣ, ਪ੍ਰੀਖਿਆ ਜਾਂ ਸਿਖਲਾਈ ਦੀ ਜ਼ਰੂਰਤ ਤੋਂ ਬਿਨਾਂ, ਬੀ.ਸੀ. ਵਿਚ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕਰਨ ਦੇ ਸਮਰੱਥ ਕੀਤਾ ਜਾ ਸਕੇ। ਇਸ ਨਾਲ ਓਨਟਾਰੀਓ, ਨੋਵਾ ਸਕੋਸ਼ੀਆ ਅਤੇ ਨਿਊ ਬ੍ਰੰਜ਼ਵਿਕ ਵੱਲੋਂ ਹਾਲ ਹੀ ਵਿੱਚ ਅਪਣਾਈਆਂ ਗਈਆਂ ਅਜਿਹੀਆਂ ਤਬਦੀਲੀਆਂ ਤੋਂ ਬਾਅਦ, ਸਾਡੇ ਸੂਬੇ ਵਿੱਚ ਅਮਰੀਕੀ ਡਾਕਟਰਾਂ ਨੂੰ ਲਾਇਸੈਂਸ ਪ੍ਰਾਪਤ ਕਰਨ ਅਤੇ ਡਾਕਟਰੀ ਦੀ ਪ੍ਰੈਕਟਿਸ ਸ਼ੁਰੂ ਕਰਨ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ। ਸੂਬੇ ਨੂੰ ਉਮੀਦ ਹੈ ਕਿ ਪ੍ਰਸਤਾਵਿਤ ਬਾਇ-ਲਾਅ ਤਬਦੀਲੀਆਂ ‘ਤੇ ਚੱਲ ਰਹੇ ਵਿਚਾਰ-ਵਟਾਂਦਰੇ ਤੋਂ ਬਾਅਦ, ਅਗਲੇ ਕੁਝ ਮਹੀਨਿਆਂ ਵਿੱਚ ਇਹ ਤਬਦੀਲੀਆਂ ਲਾਗੂ ਕੀਤੀਆਂ ਜਾਣਗੀਆਂ।
ਸੂਬਾ ‘ਬੀ ਸੀ ਕੌਲੇਜ ਔਫ ਨਰਸਿਸ ਐਂਡ ਮਿਡਵਾਈਵਜ਼’ (BC College of Nurses and Midwives) ਨਾਲ ਵੀ ਕੰਮ ਕਰ ਰਿਹਾ ਹੈ ਤਾਂ ਜੋ ਅਮਰੀਕਾ ਵਿੱਚ ਰਜਿਸਟਰਡ ਨਰਸਾਂ ਲਈ ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਕਰਨਾ ਹੋਰ ਤੇਜ਼ ਅਤੇ ਆਸਾਨ ਬਣਾਇਆ ਜਾ ਸਕੇ। ਮੌਜੂਦਾ ਪ੍ਰਕਿਰਿਆ ਦੇ ਉਲਟ, ਅਮਰੀਕੀ ਨਰਸਾਂ ਜਲਦੀ ਹੀ ਲਾਇਸੈਂਸ ਲਈ ਸਿੱਧੇ ਕੌਲੇਜ ਵਿੱਚ ਅਰਜ਼ੀ ਦੇ ਸਕਣਗੇ, ਜਿਸ ਨਾਲ ਪ੍ਰਕਿਰਿਆ ਦੀ ਸਮਾਂ ਸੀਮਾ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ। ਇਸ ਤੋਂ ਬਾਅਦ ਕੌਲੇਜ, ਅਮਰੀਕਾ ਦੇ ਨੈਸ਼ਨਲ ਨਰਸ-ਲਾਇਸੈਂਸਸ਼ਰ ਅਤੇ ਡਿਸਿਪਲਿਨੇਰੀ ਡੇਟਾਬੇਸ ਰਾਹੀਂ ਉਨ੍ਹਾਂ ਦੀ ਸਿੱਖਿਆ, ਰਜਿਸਟ੍ਰੇਸ਼ਨ, ਪ੍ਰੀਖਿਆ ਮੁਕੰਮਲ ਹੋਣ ਅਤੇ ਰੈਗੂਲੇਟਰੀ ਇਤਿਹਾਸ ਦੀ ਸਮੀਖਿਆ ਕਰੇਗਾ।
ਅਮਰੀਕਾ ਵਿੱਚ ਰਹਿਣ ਵਾਲੇ ਡਾਕਟਰਾਂ ਅਤੇ ਨਰਸਾਂ ਨੂੰ ਬੀ.ਸੀ. ਵਿੱਚ ਕੰਮ ਕਰਨ ਵਾਸਤੇ ਆਕਰਸ਼ਿਤ ਕਰਨ ਲਈ, ਸੂਬਾ ਤੁਰੰਤ ਹੀ ਭਰਤੀ ਲਈ ਟੀਚਾਬੱਧ ਕੋਸ਼ਿਸ਼ਾਂ ਨੂੰ ਤੇਜ਼ ਕਰ ਰਿਹਾ ਹੈ। ਇਸ ਤੋਂ ਬਾਅਦ ਹੈਲਥ ਅਥੌਰਿਟੀਆਂ, ਰੈਗੂਲੇਟਰੀ ਕੌਲੇਜਾਂ ਅਤੇ ਹੋਰ ਭਾਈਵਾਲਾਂ ਦੇ ਸਹਿਯੋਗ ਨਾਲ ਸਾਲ 2025 ਦੀ ਬਸੰਤ ਵਿੱਚ ਵੌਸ਼ਿੰਗਟਨ, ਓਰਿਗਨ ਅਤੇ ਕੈਲੀਫੋਰਨੀਆ ਸਟੇਟਸ ਵਿੱਚ ਇੱਕ ਤਾਲਮੇਲ ਵਾਲੀ ਮਾਰਕੀਟਿੰਗ ਮੁਹਿੰਮ ਚਲਾਈ ਜਾਵੇਗੀ। ਸੂਬਾ ਉਨ੍ਹਾਂ ਖੇਤਰਾਂ ਵਿੱਚ ਨੌਕਰੀ ਦੇ ਮੌਕਿਆਂ ‘ਤੇ ਚਾਨਣਾ ਪਾਏਗਾ ਜਿਨ੍ਹਾਂ ਵਿੱਚ ਕਾਮਿਆਂ ਦੀ ਸਭ ਤੋਂ ਵੱਧ ਲੋੜ ਹੈ, ਜਿਵੇਂ ਕਿ ਕੈਂਸਰ ਸੰਭਾਲ ਅਤੇ ਐਮਰਜੈਂਸੀ ਵਿਭਾਗ; ਅਤੇ ਨਾਲ ਹੀ ਸੂਬਾ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਪੇਂਡੂ ਭਾਈਚਾਰਿਆਂ ਵਿੱਚ ਨੌਕਰੀਆਂ ਨੂੰ ਉਤਸ਼ਾਹਤ ਕਰੇਗਾ।
ਇਹ ਪਹਿਲਕਦਮੀ ਪਿਛਲੇ ਸਾਲ ਯੂਨਾਇਟਿਡ ਕਿੰਗਡਮ ਅਤੇ ਆਇਰਲੈਂਡ ਵਿੱਚ ਸਿਹਤ ਪੇਸ਼ੇਵਰਾਂ ਨੂੰ ਬੀ.ਸੀ. ਵੱਲ ਆਕਰਸ਼ਿਤ ਕਰਨ ਲਈ ਕੀਤੀਆਂ ਗਈਆਂ ਤਾਜ਼ਾ ਮਾਰਕੀਟਿੰਗ ਮੁਹਿੰਮਾਂ ‘ਤੇ ਅਧਾਰਿਤ ਹੈ, ਅਤੇ ਉਸ ਕੰਮ ਵਿੱਚ ਵਾਧਾ ਕਰਦੀ ਹੈ ਜੋ ਬੀ.ਸੀ. ਦੂਜੇ ਦੇਸ਼ਾਂ ਅਤੇ ਸੂਬਿਆਂ ਦੇ ਸਿਹਤ ਪੇਸ਼ੇਵਰਾਂ ਲਈ ਕ੍ਰਿਡੈਂਸ਼ੀਅਲ ਮਾਨਤਾ ਨੂੰ ਤੇਜ਼ ਕਰਨ ਲਈ ਕਰ ਰਿਹਾ ਹੈ।
ਇਹ ਕਾਰਵਾਈਆਂ ਉਸ ਤਰੱਕੀ ਨੂੰ ਅੱਗੇ ਵਧਾਉਂਦੀਆਂ ਹਨ ਜੋ ਬੀ.ਸੀ. ਨੇ ਪਿਛਲੇ ਕੁਝ ਸਾਲਾਂ ਵਿੱਚ ਵਧੇਰੇ ਲੋਕਾਂ ਨੂੰ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਜੋੜ ਕੇ, ਪ੍ਰਾਇਮਰੀ ਕੇਅਰ ਨੂੰ ਮਜ਼ਬੂਤ ਕਰਨ ਲਈ ਕੀਤੀ ਹੈ। ਪਹਿਲੀ ਵਾਰ ਸਾਲ 2019 ਵਿੱਚ ਲਾਂਚ ਕੀਤੀ ਗਈ ਅਤੇ ਸਾਲ 2023 ਵਿੱਚ ਸਾਰੇ ਭਾਈਚਾਰਿਆਂ ਵਿੱਚ ਵਿਸਤ੍ਰਿਤ ਕੀਤੀ ਗਈ ‘ਹੈਲਥ ਕਨੈਕਟ ਰਜਿਸਟਰੀ’ (Health Connect Registry) ਨੇ, ਲੋਕਾਂ ਨੂੰ ਉਨ੍ਹਾਂ ਦੇ ਭਾਈਚਾਰੇ ਵਿੱਚ ਪ੍ਰਾਇਮਰੀ ਕੇਅਰ ਪ੍ਰੋਵਾਈਡਰਾਂ ਨਾਲ ਜੋੜਨ ਵਿੱਚ ਮਦਦ ਕੀਤੀ ਹੈ। ਸਾਲ 2024 ਵਿੱਚ, ਲਗਭਗ 250,000 ਲੋਕਾਂ ਨੂੰ ਕਿਸੇ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਨਾਲ ਜੋੜਨ ਦਾ ਰਿਕਾਰਡ ਹੈ, ਜੋ ਇਹ ਦਰਸਾਉਂਦਾ ਹੈ ਕਿ ਇਸ ਰਾਹੀਂ ਪ੍ਰਤੀ ਦਿਨ ਲਗਭਗ 680 ਮੈਚ ਸੰਭਵ ਹੋਏ। ਇਹ ਅੰਕੜਾ, ਸਾਲ 2023 ਵਿੱਚ ਜੋੜੇ ਗਏ 186,000 ਲੋਕਾਂ ਅਤੇ ਸਾਲ 2022 ਵਿੱਚ ਜੋੜੇ ਗਏ 131,000 ਲੋਕਾਂ ਤੋਂ ਵੱਧ ਹੈ।
“ਸਾਡੀ ਸਰਕਾਰ ਵਧੇਰੇ ਫੈਮਿਲੀ ਡਾਕਟਰਾਂ ਅਤੇ ਨਰਸ ਪ੍ਰੈਕਟੀਸ਼ਨਰਾਂ ਦੀ ਨਿਯੁਕਤੀ ਕਰਕੇ ਅਤੇ ਉਨ੍ਹਾਂ ਨੂੰ ਸਿਖਲਾਈ ਦੇ ਕੇ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਸਖਤ ਮਿਹਨਤ ਕਰ ਰਹੀ ਹੈ ਤਾਂ ਜੋ ਤੁਹਾਨੂੰ ਬਿਹਤਰ, ਫ਼ੌਰੀ ਸੰਭਾਲ ਉਦੋਂ ਮਿਲ ਸਕੇ ਜਦੋਂ ਅਤੇ ਜਿੱਥੇ ਤੁਹਾਨੂੰ ਇਸਦੀ ਜ਼ਰੂਰਤ ਹੋਵੇ,” ਔਸਬੋਰਨ ਨੇ ਕਿਹਾ। “ਅਸੀਂ ਸਾਲ 2024 ਵਿੱਚ ਪ੍ਰਾਇਮਰੀ ਕੇਅਰ ਪ੍ਰੋਵਾਈਡਰਾਂ ਨਾਲ ਜੁੜੇ ਵਧੇਰੇ ਲੋਕਾਂ ਨਾਲ ਪਹਿਲਾਂ ਨਾਲੋਂ ਮਹੱਤਵਪੂਰਣ ਤਰੱਕੀ ਕਰਨਾ ਸ਼ੁਰੂ ਕਰ ਰਹੇ ਹਾਂ। ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ – ਅਤੇ ਇਸ ਲਈ ਅਸੀਂ ਹੋਰ ਅਧਿਕਾਰ ਖੇਤਰਾਂ ਤੋਂ ਸਿਹਤ-ਸੰਭਾਲ ਕਰਮਚਾਰੀਆਂ ਦੀ ਭਰਤੀ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਹੇ ਹਾਂ।“
ਸੂਬਾ ਬੀ.ਸੀ. ਦੀ ਵੱਧ ਰਹੀ ਅਤੇ ਉਮਰ ਵਿੱਚ ਵੱਡੀ ਹੋ ਰਹੀ ਆਬਾਦੀ ਲਈ ਪ੍ਰਾਇਮਰੀ ਕੇਅਰ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਵਧੇਰੇ ਫੈਮਿਲੀ ਡਾਕਟਰਾਂ ਅਤੇ ਨਰਸ ਪ੍ਰੈਕਟੀਸ਼ਨਰਾਂ ਦੀ ਭਰਤੀ ਅਤੇ ਸਿਖਲਾਈ ਦੇਣ ਲਈ ਕੰਮ ਕਰ ਰਿਹਾ ਹੈ। ਸਾਲ 2023 ਵਿੱਚ ਨਵੇਂ ਫਿਜ਼ੀਸ਼ੀਅਨ ਭੁਗਤਾਨ ਮਾਡਲ ਦੀ ਸ਼ੁਰੂਆਤ ਤੋਂ ਬਾਅਦ, ਬੀ.ਸੀ. ਵਿੱਚ ਹੁਣ 1,001 ਨਵੇਂ ਫੈਮਿਲੀ ਡਾਕਟਰ ਹਨ। ਸਾਲ 2018 ਤੋਂ ਲੈਕੇ ਹੁਣ ਤੱਕ, ਬੀ.ਸੀ. ਵਿੱਚ ਨਰਸ ਪ੍ਰੈਕਟੀਸ਼ਨਰਾਂ ਦੀ ਗਿਣਤੀ ਲਗਭਗ ਤਿੰਨ ਗੁਣਾ ਵਧ ਕੇ 1,200 ਤੋਂ ਵੱਧ ਹੋ ਗਈ ਹੈ, ਜਿਸ ਵਿੱਚ ਸਾਲ 2024 ਵਿੱਚ 178 ਨਵੇਂ ਰਜਿਸਟਰਡ ਨਰਸ ਪ੍ਰੈਕਟੀਸ਼ਨਰ ਸ਼ਾਮਲ ਹਨ।
ਵਧੇਰੇ ਨਰਸਾਂ ਦੀ ਭਰਤੀ ਨਾਲ ਸੂਬੇ ਅਤੇ ‘ਬੀ ਸੀ ਨਰਸਿਸ ਯੂਨੀਅਨ’ (BC Nurses Union) ਨੂੰ ਬੀ.ਸੀ. ਭਰ ਵਿੱਚ ਘੱਟੋ-ਘੱਟ ਨਰਸ-ਮਰੀਜ਼ ਅਨੁਪਾਤ ਲਾਗੂ ਕਰਨ ਵਿੱਚ ਵੀ ਸਹਾਇਤਾ ਮਿਲੇਗੀ, ਜਿਸ ਨਾਲ ਬੀ.ਸੀ. ਕੈਨੇਡਾ ਵਿੱਚ ਨਰਸਾਂ ਦੀ ਪ੍ਰੈਕਟਿਸ ਲਈ ਥਾਂਵਾਂ ਦੇ ਮਾਮਲੇ ਵਿੱਚ ਹੋਰਾਂ ਦੇ ਮੁਕਾਬਲੇ ਵਧੇਰੇ ਸਮਰੱਥ ਬਣ ਜਾਵੇਗਾ।




