ਸਰੀ, ਬੀ.ਸੀ. – ਸੋਮਵਾਰ ਨੂੰ ਹੋਈ ਰੈਗੂਲਰ ਕੌਂਸਲ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਲ ਨੇ ਦੋ ਕੁਦਰਤੀ ਗੈਸ (CNG) ਨਾਲ ਚੱਲਣ ਵਾਲੇ ਟੈਂਡਮ ਐਕਸਲ ਡੰਪ ਟਰੱਕਾਂ ਦੀ ਖਰੀਦ ਲਈ $1.3 ਮਿਲੀਅਨ ਦਾ ਠੇਕਾ ਮਨਜ਼ੂਰ ਕੀਤਾ ਹੈ, ਜੋ ਲੋੜੀਂਦੇ ਸਰਦੀ ਸੰਭਾਲ ਉਪਕਰਣਾਂ ਨਾਲ ਲੈਸ ਹੋਣਗੇ। ਸਰੀ ਨੇ ਇੱਕ ਬੋਲੀ ਪ੍ਰਕਿਰਿਆ ਵਿੱਚ ਪਾਇਆ ਕਿ ਵਾਤਾਵਰਨ ਪੱਖੀ ਇਨ੍ਹਾਂ ਵਾਹਨਾਂ ਦੀ ਵਰਤੋਂ ਕਰਨ ਨਾਲ ਨਾ ਸਿਰਫ਼ ਗ੍ਰੀਨਹਾਊਸ ਗੈਸ ਇਮੀਸ਼ਨ ਘੱਟ ਹੋਣਗੇ, ਸਗੋਂ ਕਾਫ਼ੀ ਕਾਰਜਸ਼ੀਲ ਖਰਚਿਆਂ ਦੀ ਬੱਚਤ ਵੀ ਹੋਵੇਗੀ ।
ਇੰਜੀਨੀਅਰਿੰਗ ਓਪਰੇਸ਼ਨਸ ਦੇ ਡਾਇਰੈਕਟਰ ਯੋਨੇਟਨ ਯੋਹੇਨਸ ਨੇ ਕਿਹਾ, “ਸਰੀ ਸ਼ਹਿਰ ਆਪਣੀ ਫ਼ਲੀਟ ਵਿੱਚ ਉਨ੍ਹਾਂ ਵਾਤਾਵਰਣ-ਅਨੁਕੂਲ ਵਿਕਲਪਾਂ ਨੂੰ ਵਧਾਉਣ ਲਈ ਵਚਨਬੱਧ ਹੈ, ਜੋ ਜੋ ਸਾਡੇ ਕੰਮਕਾਜ਼ ਲਈ ਪ੍ਰਭਾਵਸ਼ਾਲੀ ਅਤੇ ਭਾਈਚਾਰੇ ਦੀ ਸਿਹਤ ਲਈ ਲਾਭਦਾਇਕ ਹਨ”। “ਇਹ ਨਿਵੇਸ਼ ਸਾਡੇ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਦੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਸਾਨੂੰ ਨਵੀਨੀਕਰਨਯੋਗ ਕੁਦਰਤੀ ਗੈਸ ਦੇ ਵੱਡੇ ਉਤਪਾਦਕਾਂ ਵਿੱਚੋਂ ਇੱਕ ਬਣਾਉਂਦਾ ਹੈ। ਇਹਨਾਂ ਵਾਤਾਵਰਨ-ਪੱਖੀ ਵਾਹਨਾਂ ਵਿੱਚ ਨਿਵੇਸ਼ ਕਰਕੇ, ਅਸੀਂ ਇਕ ਹਰੇ-ਭਰੇ ਭਵਿੱਖ ਵੱਲ ਵਧ ਰਹੇ ਹਾਂ, ਇਹ ਯਕੀਨੀ ਬਣਾਉਂਦੇ ਹੋਏ ਕਿ ਸਾਡੀਆਂ ਸਰਦੀ ਸੰਭਾਲ ਸੇਵਾਵਾਂ ਸਾਰੇ ਨਿਵਾਸੀਆਂ ਲਈ ਸੁਰੱਖਿਅਤ ਅਤੇ ਕੁਸ਼ਲ ਰਹਿਣ।”
ਇੰਜੀਨੀਅਰਿੰਗ ਵਿਭਾਗ ਨੇ 2024 ਫ਼ਲੀਟ ਕੈਪੀਟਲ ਰੀਪਲੇਸਮੈਂਟ ਬਜਟ (Fleet Capital Replacement Budget) ਦੇ ਹਿੱਸੇ ਵਜੋਂ ਇਸ ਖਰੀਦ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਸੀ ਤਾਂ ਜੋ ਪੁਰਾਣੇ ਉਪਕਰਣਾਂ ਨੂੰ ਬਦਲਿਆ ਜਾ ਸਕੇ, ਜੋ ਹੁਣ ਸੰਚਾਲਕੀ ਮਿਆਰਾਂ ‘ਤੇ ਪੂਰਾ ਨਹੀਂ ਉਤਰਦੇ। ਇਨ੍ਹਾਂ ਵਾਤਾਵਰਨ ਪੱਖੀ ਵਾਹਨਾਂ ਵਿੱਚ ਨਿਵੇਸ਼ ਕਰਨ ਦਾ ਫੈਸਲਾ ਸਰੀ ਦੀ ਸਥਿਰ ਅਤੇ ਪ੍ਰਭਾਵਸ਼ਾਲੀ ਮਿਉਂਸੀਪਲ ਸੇਵਾਵਾਂ ਪ੍ਰਤੀ ਵਚਨਬੱਧਤਾ ਨਾਲ ਮੇਲ ਖਾਦਾਂ ਹੈ।
ਸਟਾਫ਼ ਨੇ ਕੌਂਸਲ ਨੂੰ ਦੱਸਿਆ ਕਿ ਇਹ ਟਰੱਕ ਅਮਰੀਕਾ ਤੋਂ ਖਰੀਦੇ ਗਏ ਹਨ, ਕਿਉਂਕਿ ਕਨੇਡਾ ਵਿੱਚ ਇਸ ਤਰ੍ਹਾਂ ਦੇ ਵਾਹਨਾਂ ਦੇ ਨਿਰਮਾਤਾ ਉਪਲਬਧ ਨਹੀਂ ਹਨ।
ਇਸ ਇਕਰਾਰਨਾਮੇ ਲਈ ਫੰਡਿੰਗ 2024 ਫਲੀਟ ਕੈਪੀਟਲ ਰਿਪਲੇਸਮੈਂਟ ਬਜਟ ਦੇ ਅੰਦਰ ਆਉਂਦੀ ਹੈ ।




