ਪਿਛਲੇ 2 ਅਪ੍ਰੈਲ ਨੂੰ ਸਰਹਿੰਦ ਸ਼ਹਿਰ ‘ਚ ਆਟੋ ਚਲਾਉਣ ਵਾਲੇ ਪਰਮਿੰਦਰ ਸਿੰਘ ਨੇ ਸਰਾਭਾ ਆਸ਼ਰਮ ਵਿੱਚ ਫੋਨ ਕਰਕੇ ਦੱਸਿਆ ਕਿ ਇੱਕ ਬਜ਼ੁਰਗ ਕਈ ਸਾਲਾਂ ਤੋਂ ਸਰਹਿੰਦ ਬੱਸ ਸਟਂੈਡ ਤੋਂ ਫਤਿਹਗੜ੍ਹ ਗੁਰਦੁਵਾਰਾ ਸਾਹਿਬ ਵੱਲ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਕੂੜੇ-ਕਰਕਟ ਨਾਲ ਭਰੇ ਹੋਏ ਬਗੈਰ ਬਿਜਲੀ-ਪਾਣੀ ਤੋਂ ਇੱਕ ਖਸਤਾ ਹਾਲਤ ਗੰਦੇ ਜਿਹੇ ਸ਼ੈਲਟਰ ‘ਚ ਰਹਿੰਦਾ ਹੈ। ਇਹ ਬਜ਼ੁਰਗ ਸਾਰਾ ਦਿਨ ਕੂੜਾ-ਕਰਕਟ ਇੱਕਠਾ ਕਰਦਾ ਰਹਿੰਦਾ ਹੈ ਅਤੇ ਉਸ ਉੱਪਰ ਹੀ ਸੌਂ ਜਾਂਦਾ ਹੈ।
ਉਪਰੋਕਤ ਬਜ਼ੁਰਗ ਬਾਰੇ ਜਾਣਕਾਰੀ ਮਿਲਦੇ ਸਾਰ ਹੀ ਸਰਾਭਾ ਆਸ਼ਰਮ ਦੇ ਮੁੱਖ ਸੇਵਾਦਾਰ ਡਾ.ਨੌਰੰਗ ਸਿੰਘ ਮਾਂਗਟ ਨੇ ਆਸ਼ਰਮ ਤੋਂ ਤਕਰੀਬਨ 100 ਕਿਲੋਮੀਟਰ ਦੂਰ ਫਤਿਹਗੜ੍ਹ ਸਾਹਿਬ (ਸਰਹਿੰਦ) ਪਹੁੰਚ ਕੇ ਇਸ ਬਜ਼ੁਰਗ ਨੂੰ ਲੱਭਿਆ । ਉਸ ਸਮੇਂ ਇਹ ਬਜ਼ੁਰਗ ਕੂੜਾ-ਕਰਕਟ ਦੇ ਢੇਰ ਉੱਪਰ ਹੀ ਬੈਠਾ ਹੋਇਆ ਸੀ । ਸੜਕ ਦੇ ਵਾਹਨਾਂ ਦੀ ਪੈਂਦੀ ਧੂੜ ਕਾਰਨ ਪਾਏ ਹੋਏ ਮੈਲੇ-ਕੁਚੈਲੇ ਕੱਪੜੇ ਇਸ ਤਰ੍ਹਾਂ ਪ੍ਰਤੀਤ ਹੁੰਦੇ ਸਨ ਜਿਵੇਂ ਕਿ ਚਮੜੇ ਦੇ ਬਣੇ ਹੋਣ। ਇਸਦੇ ਤਨ ਤੇ ਬੇਹੱਦ ਮੈਲ਼ ਸੀ । ਸਿਰ ਅਤੇ ਦਾੜ੍ਹੀ ਦੇ ਵਾਲ ਮਿੱਟੀ-ਘੱਟੇ ਕਾਰਨ ਪੀਲੇ ਹੋਏ ਪਏ ਸਨ। ਇਸ ਤਰ੍ਹਾਂ ਲਗਦਾ ਸੀ ਕਿ ਇਸ ਨੇ ਕਈ ਮਹੀਨਿਆਂ ਤੋਂ ਇਸ਼ਨਾਨ ਨਹੀਂ ਕੀਤਾ। ਆਸ਼ਰਮ ਦੇ ਮੁੱਖ ਸੇਵਾਦਾਰ ਡਾ.ਨੌਰੰਗ ਸਿੰਘ ਮਾਂਗਟ ਨੇ ਇਸਨੂੰ ਉਪਰੋਕਤ ਜਗ੍ਹਾ ਤੋਂ ਲਿਆ ਕੇ ਪਿੰਡ ਸਰਾਭਾ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਦਾਖਲ ਕਰਵਾਇਆ। ਸੇਵਾਦਾਰਾਂ ਵੱਲੋਂ ਜਦੋਂ ਇਸਨੂੰ ਇਸ਼ਨਾਨ ਆਦਿ ਕਰਵਾ ਕੇ ਨਵੇਂ ਕੱਪੜੇ ਪੁਵਾਏ ਗਏ ਤਾਂ ਦੇਖ ਕੇ ਵਿਸ਼ਵਾਸ ਹੀ ਨਹੀਂ ਆਉਂਦਾ ਸੀ ਕਿ ਸਾਫ਼-ਸੁਥਰੇ ਚਿੱਟੇ ਕੱਪੜਿਆਂ ਵਿੱਚ ਇਹ ਉਹੀ ਬਜ਼ੁਰਗ ਹੈ ਜੋ ਕਿ ਕੂੜਾ -ਕਰਕਟ ਦੇ ਢੇਰ ਵਿੱਚ ਰਹਿੰਦਾ ਸੀ ।
ਕੂੜੇ-ਕਰਕਟ ਦੇ ਢੇਰ ਵਿੱਚ ਲੰਮੇ ਸਮੇਂ ਤੋਂ ਰਹਿਣ ਕਾਰਨ ਇਸਦਾ ਦਾ ਦਿਮਾਗੀ ਸੰਤੁਲਨ ਵੀ ਠੀਕ ਨਹੀਂ ਰਿਹਾ । ਆਸ਼ਰਮ ਵਿੱਚ ਇਸਦਾ ਇਲਾਜ ਕਰਵਾਇਆ ਜਾਵੇਗਾ। ਉਮੀਦ ਕਰਦੇ ਹਾਂ ਕਿ ਹੁਣ ਇਹ ਬਜ਼ੁਰਗ ਆਸ਼ਰਮ ਵਿੱਚ ਰਹਿੰਦਿਆਂ ਬਾਕੀ ਦੀ ਜਿੰਦਗੀ ਸੁੱਖ-ਅਰਾਮ ਨਾਲ ਬਤੀਤ ਕਰਨਗੇ। ਇਸ ਬਜ਼ੁਰਗ ਨੇ ਆਪਣਾ ਨਾਮ ਮਹਿੰਦਰ ਸਿੰਘ ਦੱਸਿਆ ਹੈ ।
ਇਹ ਵੀ ਦੱਸਿਆ ਕਿ ਮੈਂ ਰੋਟੀ ਆਦਿ ਮੰਗ ਕੇ ਖਾਂਦਾ ਸੀ ਅਤੇ ਮੇਰਾ ਕੋਈ ਪਰਿਵਾਰ ਜਾਂ ਰਿਸ਼ਤੇਦਾਰ ਨਹੀਂ ਹੈ। ਇਸ ਆਸ਼ਰਮ ਦੇ ਬਾਨੀ ਡਾ.ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਦੇ ਦੱਸਣ ਮੁਤਾਬਕ ਸ੍ਰੀ ਗੁਰੂ ਅਮਰ ਦਾਸ ਜੀ ਦੇ ਇਸ ਆਸ਼ਰਮ ਵਿੱਚ 215 ਦੇ ਕਰੀਬ ਦਿਮਾਗੀ ਸੰਤੁਲਨ ਗੁਆ ਚੁੱਕੇ ਅਧਰੰਗ ਦੀ ਬਿਮਾਰੀ ਨਾਲ ਪੀੜਤ, ਟੀ.ਵੀ., ਕਂੈਸਰ ਅਤੇ ਹੋਰ ਨਾ-ਮੁਰਾਦ ਬਿਮਾਰੀਆਂ ਨਾਲ ਪੀੜਤ ਲਾਵਾਰਸ-ਬੇਘਰ ਅਤੇ ਗਰੀਬ ਮਰੀਜ਼ ਰਹਿੰਦੇ ਹਨ ਜਿਹਨਾਂ ਵਿੱਚ ਬਹੁਤ ਸਾਰੇ ਮਰੀਜ਼ ਪੂਰੀ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਗੁਰੂੁ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਆਸ਼ਰਮ ਬਾਰੇ ਹੋਰ ਜਾਣਕਾਰੀ ਲਈ ਮੋਬਾਇਲ ਨੰਬਰ 95018-42506, 95018-42505 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।