Tuesday, January 27, 2026
2.8 C
Vancouver
Homeਲੋਕਲ ਨਿਊਜ਼ਉੱਘੇ ਵਕੀਲ ਰਾਜਵੀਰ ਢਿੱਲੋਂ ਹੋਣਗੇ ਸਰੀ ਸੈਂਟਰ ਹਲਕੇ ਤੋਂ ਕੰਸਰਵੇਟਿਵ ਪਾਰਟੀ ਆਫ...

ਉੱਘੇ ਵਕੀਲ ਰਾਜਵੀਰ ਢਿੱਲੋਂ ਹੋਣਗੇ ਸਰੀ ਸੈਂਟਰ ਹਲਕੇ ਤੋਂ ਕੰਸਰਵੇਟਿਵ ਪਾਰਟੀ ਆਫ ਕਨੇਡਾ ਦੇ ਫੈਡਰਲ ਉਮੀਦਵਾਰ

- Advertisement -spot_img

ਸਰੀ, 18 ਮਾਰਚ (ਹਰਦਮ ਮਾਨ)-ਸਰੀ ਦੇ ਉੱਘੇ ਵਕੀਲ ਰਾਜਵੀਰ ਢਿੱਲੋਂ ਨੇ ਸਰੀ ਸੈਂਟਰ ਹਲਕੇ ਤੋਂ ਨਾਮਜ਼ਦਗੀ ਚੋਣਾਂ ਵਿੱਚ ਜਿੱਤ ਹਾਸਲ ਕਰ ਲਈ ਹੈ ਅਤੇ ਕੰਸਰਵੇਟਿਵ ਪਾਰਟੀ ਵੱਲੋਂ ਉਹ ਅਧਿਕਾਰਤ ਉਮੀਦਵਾਰ ਐਲਾਨ ਦਿੱਤੇ ਗਏ ਹਨ। ਉਹਨਾਂ ਨੂੰ ਇੱਕ ਵਕੀਲ ਵਜੋਂ 12 ਸਾਲ ਤੋਂ ਵੀ ਵੱਧ ਦਾ ਤਜਰਬਾ ਹਾਸਿਲ ਹੈ। ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਰਾਏਕੋਟ ਦੇ ਪਿੰਡ ਝੋਰੜਾਂ ਦੇ ਜੰਮਪਲ ਰਾਜਵੀਰ ਨੇ ਬੀ.ਏ.ਐਲ.ਐਲ.ਬੀ. ਅਤੇ ਪੀਜੀ ਡਿਪਲੋਮਾ ਇਨ ਕ੍ਰਿਮੀਨੌਲਿਜੀ ਅਤੇ ਫੌਰੈਂਸਿਕ ਸਾਇੰਸ ਦੀ ਵਿੱਦਿਆ ਹਾਸਲ ਕੀਤੀ ਹੋਈ ਹੈ। ਕੈਨੇਡਾ ਨੂੰ ਆਪਣੀ ਕਰਮ ਭੂਮੀ ਬਣਾਉਣ ਉਪਰੰਤ ਉਹਨਾਂ ਨੇ ਯੂਨੀਵਰਸਿਟੀ ਆਫ ਟਰਾਂਟੋ ਤੋਂ ਆਪਣੀ ਐਜੂਕੇਸ਼ਨ ਅੱਪਗਰੇਡ ਕੀਤੀ ਅਤੇ ਪਿਛਲੇ 12 ਸਾਲ ਤੋਂ ਸਰੀ ਵਿੱਚ ਇੱਕ ਸਫਲ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

ਰਾਜਬੀਰ ਦਾ ਮੰਨਣਾ ਹੈ ਕਿ ਹਰ ਵਿਅਕਤੀ ਦੀ ਇਹ ਸਮਾਜਿਕ ਜ਼ਿੰਮੇਵਾਰੀ ਹੈ ਕਿ ਉਹ ਨਾ ਸਿਰਫ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਵੇ ਬਲਕਿ ਸੰਭਵ ਹੋਵੇ ਤਾਂ ਰਾਜਨੀਤੀ ਵਿੱਚ ਹਿੱਸਾ ਲੈ ਕੇ ਸਮਾਜ ਦੀ ਬੇਹਤਰੀ ਵਿੱਚ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਇੱਥੋਂ ਦੇ ਭਾਈਚਾਰੇ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਹੈ ਅਤੇ ਮੈਂ ਆਪਣਾ ਫਰਜ਼ ਸਮਝਦੇ ਹੋਏ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਇੱਕ ਵਕੀਲ ਵਜੋਂ ਮੇਰਾ ਤਜਰਬਾ ਲੋਕ ਮੁੱਦਿਆਂ ਦੀ ਪਾਰਲੀਮੈਂਟ ਵਿੱਚ ਸਹੀ ਢੰਗ ਨਾਲ ਤਰਜਮਾਨੀ ਕਰਨ ਵਿੱਚ ਸਹਾਈ ਹੋਵੇਗਾ।

ਰਾਜਬੀਰ ਢਿੱਲੋਂ ਨੇ ਨਾਮਜ਼ਦਗੀ ਮੁਹਿੰਮ ਦੌਰਾਨ ਅਣਥੱਕ ਮਿਹਨਤ ਕਰਨ ਵਾਲੇ ਆਪਣੇ ਸਮਰਥਕਾਂ, ਵਲੰਟੀਅਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈਚਾਰੇ ਦਾ ਹੁੰਗਾਰਾ ਬਹੁਤ ਹੀ ਵਧੀਆ ਅਤੇ ਉਤਸ਼ਾਹਜਨਕ ਹੈ। ਉਹ ਸਾਰੇ ਪਾਰਟੀ ਵਰਕਰਾਂ ਅਤੇ ਉਮੀਦਵਾਰ ਦੇ ਸਾਰੇ ਦਾਅਵੇਦਾਰਾਂ ਦੀ ਬਹੁਤ ਇੱਜ਼ਤ ਕਰਦੇ ਹਨ ਅਤੇ ਉਹਨਾਂ ਨੂੰ ਪੂਰੇ ਮਾਨ ਸਨਮਾਨ ਸਮੇਤ ਨਾਲ ਲੈ ਕੇ ਚੱਲਣਗੇ। 

ਰਾਜਬੀਰ ਢਿੱਲੋਂ ਦੇ ਪਾਰਟੀ ਉਮੀਦਵਾਰ ਬਣਨ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜਸਦੀਪ ਸਿੱਧੂ, ਰਿਕੀ ਬਾਜਵਾ, ਸੰਦੀਪ ਤੂਰ, ਇਕਬਾਲ ਸੰਧੂ, ਜਗਦੀਪ ਸੰਧੂ, ਬੂਟਾ ਬਰਾੜ, ਜਸਪਾਲ ਥਿੰਦ, ਜੱਗੀ ਜੌਹਲ, ਅਮਰੀਕ ਸਿੱਧੂ, ਕਮਲਦੀਪ ਸਿੰਘ ਮਾਨ, ਰਾਜਬੀਰ ਬਾਜਵਾ ਆਦਿ ਨੇ ਕਿਹਾ ਕਿ ਰਾਜਵੀਰ ਢਿੱਲੋਂ ਇੱਕ ਪੜ੍ਹੇ ਲਿਖੇ ਸੰਵੇਦਨਸ਼ੀਲ ਅਤੇ ਨਿਮਰ ਸੁਭਾਅ ਦੇ ਨਾਲ ਨਾਲ ਇੱਕ ਮਾਹਿਰ ਵਕੀਲ ਹੋਣ ਕਾਰਨ ਬਹੁਤ ਸਾਰਾ ਤਜਰਬਾ ਵੀ ਰੱਖਦੇ ਹਨ। ਜੇਕਰ ਉਹ ਪਾਰਲੀਮੈਂਟ ਚੋਣਾਂ ਵਿੱਚ ਜੇਤੂ ਹੁੰਦੇ ਹਨ ਤਾਂ ਉਹਨਾਂ ਦਾ ਤਜਰਬਾ ਸਮਾਜ ਤੇ ਭਾਈਚਾਰੇ ਦੀ ਬੇਹਤਰੀ ਲਈ ਲਾਹੇਵੰਦ ਹੋਵੇਗਾ।

- Advertisement -spot_img
- Advertisement -spot_img
Must Read
- Advertisement -spot_img
Related News
- Advertisement -spot_img